ਕੰਪਿਊਟਰ ਤੇ ਪੰਜਾਬੀ ਲਿਖਣ ਦਾ ਇੱਕ ਸੌਖਾ ਤਰੀਕਾ | An easy way to Type Punjabi on a computer
ਕਦੀ-ਕਦੀ ਜਿੰਦਗੀ ‘ਚ ਸਿਆਪਾ ਪੈ ਜਾਂਦਾ ਹੈ ਜਦੋ ਇੱਕ-ਦੱਮ ਪੰਜਾਬੀ ਵਿੱਚ ਕੋਈ ਚੀਜ਼ ਟਾਈਪ ਕਰਨੀ ਪੈ ਜਾਂਦੀ ਹੈ। ਬੰਦਾ ਲੱਖ ਟੱਕਰਾਂ ਮਾਰਦਾ ਪਰ ਸਮਝ ਨਹੀਂ ਪੈਂਦੀ ਕਿ ‘ਝ’ ਕਿਥੋਂ ਪਾਉਣਾ ਜਾਂ ਲੱਲੇ ਦੇ ਪੈਰ ‘ਚ ਬਿੰਦੀ ਕਿਵੇਂ ਪਾਉਣੀ। ਕਈ ਵਰੀ ਤੇ ਅੱਧਕ ਦੀ ਥਾਂ ਚੰਦਰਬਿੰਦੂ ਪਈ ਜਾਂਦਾ। ਕਈ ਵਾਰ ਸਾਰੀ ਚੀਜ਼ ਟਾਈਪ ਕਰਕੇ ਕਿਸੇ ਨੂੰ ਭੇਜੋ ਤਾਂ ਅਗਲੇ ਕੋਲ ਖੁੱਲਦੀ ਨਹੀਂ। ਪਤਾ ਲਗਦਾ ਅਗਲੇ ਕੋਲ ਫੋਂਟ ਹੈਨੀ ਜਾਂ ਅਗਲਾ ਫੋਨ ਤੇ ਖੋਲ ਰਿਹਾ।
ਇਹੋ ਜਿਹੇ ਸਭ ਮੌਕਿਆਂ ਦਾ ਇੱਕ ਸੌਖਾ ਇਲਾਜ ਹੈ ਗੂਗਲ ਡੋਕਸ। ਬਸ ਥੋੜੀ ਜੀ ਸੈਟਿੰਗ ਬਦਲ ਕੇ ਪੰਜਾਬੀ ਟਾਈਪ ਕਰਨ ਵਿੱਚ ਸਾਹ ਸੌਖਾ ਹੋ ਜਾਂਦਾ। ਇਸ ਤਰੀਕੇ ਦਾ ਫਾਇਦਾ ਇਹ ਹੈ ਕਿ ਇਸ ਤਰਾਂ ਟਾਈਪ ਕੀਤੇ ਪੇਜ ਨੂੰ ਤੁਸੀਂ ਭਾਵੇਂ ਕੰਪਿਊਟਰ ‘ਚ ਖੋਲੋ ਤੇ ਭਾਵੇਂ ਫੋਨ ‘ਚ ਖੋਲੋ, ਉਸ ਨੂੰ ਪੜ੍ਹਨ ਵਿੱਚ ਕੋਈ ਤਕਲੀਫ ਨਹੀਂ ਹੋਏਗੀ।
ਪਹਿਲਾ ਹਿੱਸਾ – ਟਾਈਪਿੰਗ ਦੀ ਭਾਸ਼ਾ ਬਦਲਣਾ।
- ਆਪਣੇ ਇੰਟਰਨੈੱਟ ਚਾਲਕ (ਕ੍ਰੋਮ ਜਾਂ ਫਾਇਰਫਾਕਸ, ਜਾਂ ਜਿਹੜਾ ਵੀ ਤੁਸੀਂ ਵਰਤਦੇ ਹੋ) ਵਿੱਚ ਜਾਓ ਅਤੇ ਗੂਗਲ ਡੋਕਸ ਦੀ ਵੈਬਸਾਈਟ ਖੋਲੋ। File ਤੇ ਕਲਿਕ ਕਰਕੇ Language ਤੇ ਕਲਿਕ ਕਰਨਾ ਹੈ।
- ਫਿਰ ਨਾਲ ਖੁੱਲਦੇ ਡੱਬੇ ‘ਚੋਂ ‘ਪੰਜਾਬੀ’ ਦੀ ਚੋਣ ਕਰੋ। ਹੁਣ ਟਾਈਪ ਕਰਨ ਦੀ ਭਾਸ਼ਾ ਪੰਜਾਬੀ ਹੋ ਗਈ ਹੈ।

ਦੂਸਰਾ ਹਿੱਸਾ – ਟਾਈਪਿੰਗ ਦਾ ਤਰੀਕਾ ਚੁਣਨਾ।
ਪੰਜਾਬੀ ਦੀ ਚੋਣ ਕਰਨ ਉਪਰੰਤ ਗੂਗਲ ਵੱਲੋਂ 4 ਤਰੀਕੇ ਦਿੱਤੇ ਜਾਂਦੇ ਹਨ ਪੰਜਾਬੀ ਟਾਈਪ ਕਰਨ ਦੇ।
ਅਸੀਂ ਪਹਿਲਾ ਤਰੀਕਾ ਚੁਣਦੇ ਹਾਂ ਜਿਸ ਨਾਲ ਅਸੀਂ ਟਾਈਪ ਤਾਂ ਅੰਗਰੇਜੀ ਦੇ ਅੱਖਰ ਕਰਦੇ ਹਾਂ ਪਰ ਉਹਨਾਂ ਤੋਂ ਬਣ ਰਹੀ ਪੰਜਾਬੀ ਦੀ ਅਵਾਜ ਵਾਲਾ ਅੱਖਰ ਗੁਰਮੁਖੀ ਵਿੱਚ ਗੂਗਲ ਸਾਨੂੰ ਟਾਈਪ ਕਰਕੇ ਦਿੰਦਾ ਹੈ। ਇਹ ਇੱਕ ਸੌਖਾ ਤਰੀਕਾ ਹੈ ਜਿਹੜਾ ਸ਼ੁਰੂ ਵਿੱਚ ਤਾਂ ਥੋੜਾ ਅਜੀਬ ਜਰੂਰ ਲੱਗ ਸਕਦਾ ਹੈ ਪਰ ਹੌਲੀ-ਹੌਲੀ ਹੱਥ ਖੁੱਲਣ ਤੋਂ ਬਾਅਦ ਬਹੁਤ ਹੀ ਸੌਖਾ ਹੋ ਜਾਂਦਾ ਹੈ। ਇਹ ਪੰਨਾ ਜੋ ਤੁਸੀਂ ਪੜ੍ਹ ਰਹੇ ਹੋ ਵੀ ਇਸੇ ਤਰੀਕੇ ਲਿਖਿਆ ਗਿਆ ਸੀ। ਮੈਨੂੰ ਇਹ ਟਾਈਪ ਕਰਨ ਵਿੱਚ ਤਕਰੀਬਨ 10 ਮਿੰਟ ਲੱਗੇ ਸੀ ਕਿਉਂਕਿ ਟਾਈਪ ਕਰਨ ਦੇ ਨਾਲ-ਨਾਲ ਮੈਂ ਸਕਰੀਨ ਦੀਆਂ ਫੋਟੋਆਂ ਵੀ ਲੈ ਰਿਹਾ ਸੀ।

ਤਿੰਨ ਨੰਬਰ ਤੇ ਦਿੱਤਾ ਤਰੀਕਾ ਵੀ ਆਉਣ ਵਾਲੇ ਸਮੇਂ ਵਿੱਚ ਹੋਰ ਵਧੀਆ ਹੋ ਜਾਏਗਾ ਪਰ ਫਿਲ-ਹਾਲ ਇਹ ਸਾਡੀਆਂ ਲੋੜਾਂ ਲਈ ਇੰਨਾ ਵਾਜਬ ਨਹੀਂ ਹੈ।
ਵੈਸੇ ਹਲੇ ਪਹਿਲਾ ਤਰੀਕਾ ਜੋ ਅਸੀਂ ਚੁਣਦੇ ਹਾਂ ਉਸ ਵਿੱਚ ਵੀ ਸੁਧਾਰ ਕਰਨ ਦੀਆਂ ਬਹੁਤ ਲੋੜਾਂ ਹਨ। ਜਿਵੇਂ ਕਿ ਆਪ ਦੇਖੋਗੇ ਕਈ ਵਰੀ ਜੋ ਅਸੀਂ ਅੰਗਰੇਜੀ ਵਿੱਚ ਟਾਈਪ ਕਰਦੇ ਹਾਂ ਉਸਨੂੰ ਕੰਪਿਊਟਰ ਸਿੱਧੀ ਤਰਾਂ ਨਾਲ ਪੰਜਾਬੀ ਵਿੱਚ ਤਬਦੀਲ ਕਰਨ ਵਿੱਚ ਅਸਫਲ ਰਹਿੰਦਾ ਹੈ। ਇਹੋ ਜਿਹੇ ਸ਼ਬਦਾਂ ਨੂੰ ਅੰਗਰੇਜੀ ਵਿੱਚ ਕੁੱਛ ਵੱਖਰੇ ਹੀ ਤਰੀਕੇ ਨਾਲ ਲਿਖਣਾ ਪੈਂਦਾ ਹੈ ਤਾਂ ਜੋ ਉਹਨਾਂ ਨੂੰ ਪੰਜਾਬੀ ਵਿੱਚ ਸਹੀ ਢੰਗ ਨਾਲ ਹਾਸਲ ਕੀਤਾ ਜਾ ਸਕੇ।

ਹੋਰ ਤਾਂ ਹੋਰ, ਇਸ ਤਰੀਕੇ ਦੇ ਉਪਯੋਗ ਲਈ ਇੰਟਰਨੈੱਟ ਦਾ ਹੋਣਾ ਬਹੁਤ ਜਰੂਰੀ ਹੈ। ਜੇਕਰ ਤੁਹਾਡਾ ਇੰਟਰਨੈੱਟ ਹੌਲੀ ਚੱਲਦਾ ਹੈ ਜਾਂ ਬਾਰ-ਬਾਰ ਬੰਦ ਹੁੰਦਾ ਹੈ ਤਾਂ ਇਸ ਤਰੀਕੇ ਨਾਲ ਟਾਈਪ ਕਰਨਾ ਇੱਕ ਹੋਰ ਵੀ ਵੱਡੀ ਸਿਰਪੀੜ ਬਣ ਜਾਂਦੀ ਹੈ।